ਹੁਣ ਤੱਕ 56, 845 ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗਾ
ਟੋਰਾਂਟੋ : ਕੈਨੇਡਾ ਨੇ ਆਪਣੇ ਦੇਸ਼ ਵਾਸੀਆਂ ਲਈ ਕੋਰੋਨਾ ਰੋਕੂ ਟੀਕੇ ਦਾ ਪ੍ਰਬੰਧ ਕੀਤਾ ਹੀ ਹੋਇਆ ਹੈ, ਇਸ ਸਬੰਧੀ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਉਣ ਦੀ ਮੁਹਿੰਮ ਵੀ ਜ਼ੋਰਾਂ ਉਤੇ ਹੈ। ਕੈਨੇਡਾ ਵਿਚ ਕਈ ਥਾਈ ਇਸ ਮੁਹੰਮ ਵਿਚ ਕੁੱਝ ਸੁਸਤੀ ਛਾਈ ਹੋਈ ਹੈ, ਇਸ ਦਾ ਕਾਰਨ ਕੈਨੇਡੀਅਨ ਅਧਿਕਾਰੀ ਦਸਦੇ ਹਨ ਕਿ ਕਈ ਸੂਬਿਆਂ ਵਿਚ ਡੀਪ-ਕੋਲਡ ਸਟੋਰਾਂ ਦੀ ਕਮੀ ਕਾਰਨ ਫਾਈਜ਼ਰ ਟੀਕੇ ਦੀ ਸਟੋਰੇਜ ਨਹੀਂ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਨੂੰ ਫਾਈਜ਼ਰ-ਬਾਇਓਐਨਟੈਕ ਦੀਆਂ 90, 000 ਖੁਰਾਕਾਂ ਮਿਲੀਆਂ ਹਨ ਤੇ ਮੋਡੇਰਨਾ ਦੀਆਂ 53, 000 ਖੁਰਾਕਾਂ ਮਿਲ ਚੁੱਕੀਆਂ ਹਨ। ਕਈ ਹਸਪਤਾਲਾਂ ਵਿਚ ਸਟਾਫ਼ ਦੀ ਕਮੀ ਕਾਰਨ ਵੀ ਕੋਰੋਨਾ ਵੈਕਸੀਨ ਦੀ ਖੁਰਾਕ ਲਗਾਉਣ ਵਿਚ ਦੇਰੀ ਹੋ ਰਹੀ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 21 ਲੱਖ ਲੋਕਾਂ ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਾ ਹੈ ਅਤੇ ਇਸੇ ਲੜੀ ਵਿਚ ਕੈਨੇਡਾ ਵਿਚ ਹੁਣ ਤੱਕ 56, 845 ਲੋਕਾਂ ਨੂੰ ਹੀ ਕੋਰੋਨਾ ਦੀ ਪਹਿਲੀ ਡੋਜ਼ ਮਿਲੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਡਾਟਾ ਮੁਤਾਬਕ ਕੈਨੇਡਾ ਵਿਚ ਹਰ 100 ਵਿਚੋਂ 0.14, ਅਮਰੀਕਾ ਵਿਚ 0.59, ਯੂ. ਕੇ. ਵਿਚ 1.18, ਬਹਿਰੀਨ ਵਿਚ 3.23 ਅਤੇ ਇਜ਼ਰਾਇਲ ਵਿਚ 4.37 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਇਸ ਤੋਂ ਸਪੱਸ਼ਟ ਹੈ ਕਿ ਬਹਿਰੀਨ ਤੇ ਇਜ਼ਰਾਇਲ ਵਿਚ ਸੱਭ ਤੋਂ ਵੱਧ ਤੇਜ਼ੀ ਨਾਲ ਕੋਰੋਨਾ ਟੀਕਾ ਲੱਗ ਰਿਹਾ ਹੈ। ਹਾਲਾਂਕਿ ਅਮਰੀਕਾ ਵੀ ਇਨ੍ਹਾਂ ਦੇਸ਼ਾਂ ਨਾਲੋਂ ਪਿੱਛੇ ਹੈ ਪਰ ਇਹ ਕੈਨੇਡਾ ਨਾਲੋਂ ਚੰਗੀ ਸਥਿਤੀ ਵਿਚ ਹੈ।